Wednesday, September 18, 2013

 ਸ਼ੀਸ਼ਿਆਂ ਦੇ ਸਾਹਮਣੇ


ਉਹ   ਬੁੱਢੇ   ਹੋ  ਗਏ   ਲੋਕਾਂ  ਨੂੰ  ਸ਼ੀਸ਼ੇ   ਵੇਚਦੇ  ਹੋਏ
ਨਹੀਂ   ਪਰ  ਖੁਦ  ਕਦੇ  ਵੀ ਸ਼ੀਸ਼ਿਆਂ ਦੇ ਸਾਹਮਣੇ ਹੋਏ

ਸੁਲਗਦੀ   ਪਿਆਸ   ਲੈ   ਕੇ   ਪੱਤਣਾਂ  ਨੂੰ ਛਾਣਦੇ ਹੋਏ
ਅਸੀਂ  ਜਾਵਾਂਗੇ   ਬੱਦਲਾਂ  ਤੱਕ  ਵੀ  ਪਾਣੀ  ਭਾਲਦੇ ਹੋਏ

ਅਜੇ  ਕਲ੍ਹ  ਦੀ ਤਾਂ ਗੱਲ  ਹੈ ਢੂੰਡਦੇ ਰੋਟੀ ਸੀ ਸਾਡੇ ਵਾਂਗ
ਬੜੀ   ਛੇਤੀ    ਤੁਸੀਂ   ਪਰਤੇ  ਹੋ  ਕਿੱਥੋਂ,  ਆਫਰੇ  ਹੋਏ

ਬਿਨਾਂ  ਦੇਖੇ  ਉਹ  ਲੰਘੇ  ਮਸਲ  ਕੇ  ਪੈਰਾਂ   ਤਲੇ ਸਾਨੂੰ
ਮੁਸਾਫਰ ਤੋਂ  ਅਸੀਂ  ਰਸਤੇ  ਸੀ   ਜਿੰਨ੍ਹਾਂ   ਵਾਸਤੇ   ਹੋਏ

ਇਹ  ਲੋਕੀਂ  ਹੋਣਗੇ  ਮੂਰਖ  ਜਾਂ  ਫਿਰ  ਸ਼ਾਤਰ ਬੜੇ ਹੋਣੇ
ਜੋ   ਨਿੰਦਾ   ਅੱਗ   ਦੀ   ਕਰਦੇ  ਨੇ  ਧੂਣੀ  ਸੇਕਦੇ  ਹੋਏ

ਮਸਲਦੇ ਰੋਜ਼ ਉਹ ਕਲੀਆਂ ਤਾਂ ਸਭ ਕੁਝ ਆਮ ਵਾਂਗਰ ਹੈ
ਤੇ  ਆਪਾਂ   ਫੁੱਲ   ਵੀ   ਛੋਹੇ   ਤਾਂ   ਵੱਡੇ   ਹਾਦਸੇ  ਹੋਏ

ਦਿਖਾਈਂ ਅਕਸ ਉਹ  ਸਾਡਾ  ਜੋ ਸੋਹਣਾ  ਹੈ  ਲੁਭਾਊ  ਹੈ
ਉਹ  ਸ਼ੀਸ਼ੇ  ਨੂੰ  ਹੁਕਮ  ਦਿੰਦੇ  ਨੇ  ਸ਼ੀਸ਼ਾ   ਦੇਖਦੇ  ਹੋਏ


ਮੇਰੇ  ਹੱਥਾਂ  ਜੇ  ਅੱਜ  ਤੇਗ਼  ਹੈ  ਤਾਂ  ਗ਼ਲਤ ਕੀ ਹੋਇਆ

ਬੜਾ ਹੀ ਵਕਤ ਹੈ ਕੱਟਿਆ  ਮੈਂ  ਯੁੱਧ  ਨੂੰ  ਟਾਲਦੇ  ਹੋਏ

Wednesday, March 13, 2013


                                        ਬਦਲਦੇ ਸਮਿਆਂ ਚ

                        ਬਦਲਦੇ  ਸਮਿਆਂ  ਚ ਕਿੱਦਾਂ  ਬਦਲਦੇ ਸਭ  ਰੰਗ  ਦੇਖ
                        ਵਾਰ   ਕਰਦੇ   ਜਿਸਮ  ਤੇ ਹੁਣ  ਆਪਣੇ  ਹੀ  ਅੰਗ ਦੇਖ

                        ਮੁੜ ਵੀ ਹੁਣ  ਸਿੱਕਿਆਂ  ਦਾ ਲੋਭ  ਛਡ ਕੇ  ਸੋਹਣਿਆ,
                        ਘਰ ਪਿਘਲਦਾ ਚੰਨ, ਚੁਪ ਝਾਂਜਰ, ਤਿੜਕਦੀ  ਵੰਗ ਦੇਖ

                        ਮੈਂ  ਕਦੋਂ  ਸੀ  ਆਖਿਆ ਨਾ ਖੁਸ਼ਬੂਆਂ ਦਾ  ਜ਼ਿਕਰ   ਕਰ,
                        ਟੁਟਦਿਆਂ ਫੁੱਲਾਂ ਨੂੰ ਵੀ ਪਰ ਖਿੜਦਿਆਂ  ਦੇ  ਸੰਗ  ਦੇਖ

                        ਲੈ ਚਲ  ਅਪਣੀ  ਕਲਮ ਨੂੰ  ਦਿੱਲੀ  ਕਦੇ  ਗੁਜਰਾਤ  ਵੀ,
                        ਪਰਤ  ਹੁਣ  ਭੰਬੋਰ  ਤੋਂ, ਨਾ  ਵਾਰੀ  ਵਾਰੀ   ਝੰਗ   ਦੇਖ

                       ਇਸ  ਤਰਾਂ   ਦੇ  ਅੰਬਰਾਂ   ਨੂੰ  ਰਾਖ   ਕਰ  ਦੇਈਏ  ਚਲੋ
                       ਤਾੜੀਆਂ   ਮਾਰਨ  ਜੋ  ਝੜਦੇ  ਘੁੱਗੀਆਂ  ਦੇ  ਫੰਘ  ਦੇਖ

                        ਕਾਤਲਾਂ ਦੇ ਚਿਹਰਿਆਂ  ਦੀ  ਹੋਰ  ਪੀਲਕ  ਵਧ  ਗਈ,
                        ਹੋਰ  ਸੂਹਾ  ਹੋ   ਰਿਹਾ  ਸਾਡੇ   ਲਹੂ  ਦਾ   ਰੰਗ  ਦੇਖ

                        ਬਾਂਦਰਾਂ  ਵੀ  ਹੁਣ  ਸ਼ੁਰੂ  ਕਰਨੀ  ਹੈ  ਯਾਰੋ   ਗੋਸ਼ਟੀ
                        ਹੋ  ਰਹੇ  ਮਸ਼ਹੂਰ   ਲੇਖਕ  ਫਲਸਫੇ  ਤੋਂ  ਨੰਗ  ਦੇਖ

Saturday, October 13, 2012


                                                   ਹੈ ਉਦਾਸੀ ਦਿਲ ਚ


                                  ਹੈ ਉਦਾਸੀ  ਦਿਲ  ਚ  ਐਪਰ  ਖੌਫ਼  ਜਾਂ  ਮਾਤਮ  ਨਹੀਂ
                                  ਤੈਥੋਂ  ਵਿੱਛੜ  ਕੇ  ਵੀ ਛੱਡਿਆ  ਜੀਣ  ਦਾ ਉੱਦਮ ਨਹੀਂ

                                  ਨ੍ਹੇਰ    ਜਿੱਥੇ    ਵੀ    ਵਧੇਗਾ    ਹੋਣਗੇ    ਉੱਥੋਂ   ਉਦੈ
                                  ਸੂਰਜਾਂ    ਨੇ   ਦੇਖਣਾ   ਪੂਰਬ   ਨਹੀਂ   ਪੱਛਮ   ਨਹੀਂ

                                  ਦੋਸ਼  ਨਾ  ਕੋਈ,  ਡੋਬਣਾ  ਤਾਂ  ਧਰਮ  ਹੈ  ਮੰਝਧਾਰ  ਦਾ
                                  ਡੁੱਬ ਗਈ ਕਿਸ਼ਤੀ ਉਹ ਜਿਸਦੇ ਚੱਪੂਆਂ ਵਿਚ ਦਮ ਨਹੀਂ

                                  ਇਹ ਸੁਰਾਂ ਵਿਚ ਹੋਣਗੇ ਕਿੰਝ  ਮੈਂ  ਹੀ  ਜਦ  ਬੇਤਾਲ ਹਾਂ
                                  ਕੀ  ਕਰਨਗੇ  ਸਾਜ਼  ਵੀ ਜਦ ਦਿਲ ਚ ਹੀ ਸਰਗਮ ਨਹੀਂ

                                  ਮੈਂ ਡੁਬੋਇਆ ਹੈ ਇਹਨੂੰ ਹਰ  ਜੁੱਗ  ਚ ਅਪਣੇ ਖੂਨ ਵਿਚ
                                  ਫਿਰ  ਵੀ ਸੂਹੇ  ਰੰਗ ਦਾ ਕਿਉਂ  ਝੂਲਦਾ  ਪਰਚਮ  ਨਹੀਂ

                                  ਡਿੱਗ  ਪਿਆ  ਹਾਂ  ਫੱਟ  ਖਾ  ਕੇ  ਤੈਥੋਂ,  ਮੈਂ ਸਵੀਕਾਰਦਾਂ
                                  ਤੂੰ ਵੀ ਇਹ ਸਵੀਕਾਰ ਲੈ ਇਹ ਜੰਗ  ਕੋਈ  ਅੰਤਮ  ਨਹੀਂ

Wednesday, August 15, 2012


ਜੇ "ਬੱਛੋਆਣੇ" ਹੁੰਦਾ ਤੂੰ

ਕੀ  ਫਾਇਦਾ  ਹੈ  ਪੂਰਬ ਦੀ ਗੁੱਠ `ਤੇ ਖੜ੍ਹੇ ਦਾ।
                                        ਪਤਾ ਹੀ  ਨਾ  ਲੱਗਿਆ  ਜੇ  ਸੂਰਜ  ਚੜ੍ਹੇ  ਦਾ।

                                        ਦਰਖਤਾਂ  ਨੂੰ   ਦੱਸਣ   ਗਮਲਿਆ   ਦੇ   ਪੌਦੇ
                                        ਸਿਲਾ   ਕੀ   ਤੂਫਾਨਾਂ   ਦੇ   ਅੱਗੇ  ਅੜੇ  ਦਾ।

                                        ਅਸੀਂ   ਅਧ-ਜਲੇ  ਬਾਂਸ   ਹਾਂ   ਓਸੇ   ਦੇ  ਹੀ,
                                        ਨਾ  ਕਿੱਸਾ  ਸੁਣਾ  ਸਾਨੂੰ   ਜੰਗਲ   ਸੜੇ    ਦਾ।

                                        ਉਹਦਾ ਚੰਨ ਹੀ ਉਸ ਨੂੰ ਮਿਲਿਆ  ਨਾ  ਜੇਕਰ,
                                        ਕਰੂ    ਕੀ    ਦੁਪੱਟੇ    ਸਿਤਾਰੇ    ਜੜੇ    ਦਾ।

                                        ਰਹੋ   ਜੂਝਦੇ   ਜਿਂਦਗੀ  ਲਈ,   ਮੈਂ  ਚੱਲਿਆਂ,
                                        ਸੁਨੇਹਾ   ਹੈ   ਪੱਤੇ     ਦਰੱਖਤੋਂ    ਝੜੇ    ਦਾ।

                                        ਗ਼ਜ਼ਲ ਤੇਰੀ ਸੁਣ ਕੇ ਵੀ ਕਹਿ ਦਿੰਦੇ ਵਾਹ ਵਾਹ,
                                        ਜੇ   "ਬੱਛੋਆਣੇ"  ਹੁੰਦਾ  ਤੂੰ  ਸਾਡੇ   ਧੜੇ  ਦਾ।

Tuesday, May 1, 2012

ਤਿੜਕੇ ਬੂਹਿਆਂ ਬਿਰਧ ਦੀਵਾਰਾਂ




                                  ਤਿੜਕੇ ਬੂਹਿਆਂ, ਬਿਰਧ ਦਿਵਾਰਾਂ  ਨੂੰ ਕਾਹਦਾ ਧਰਵਾਸ
                                  ਘਰ  ਦੀ  ਰੌਣਕ  ਸਨ ਜੋ ਕਰ ਗਏ ਦੇਹਲੀ ਤੋਂ ਪਰਵਾਸ

                                  ਮੇਰੇ ਪਿੰਡ  ਵਿਚ  ਰਹਿਣ  ਅਨੇਕਾਂ  ਹੀ  ਅਣਗੌਲੇ  ਰਾਮ
                                  ਅਪਣੇ  ਅਪਣੇ  ਘਰ  ਵਿਚ  ਜਿਹੜੇ  ਭੋਗ ਰਹੇ ਬਨਵਾਸ

                                  ਓਸ ਨਦੀ  ਨੇ  ਤਾਂ  ਨਈਂ  ਕੀਤਾ  ਪਾਣੀ  ਤੋਂ  ਇਨਕਾਰ,
                                  ਮੇਰੇ  ਅੰਦਰ  ਮਾਰੂਥਲ  ਸੀ,  ਬੁਝਦੀ   ਕਿੰਝ   ਪਿਆਸ

                                  ਆਪਾਂ  ਤਾਂ  ਖੇਤਾਂ  ਵਿਚ  ਬੀਜੇ  ਸਨ ਸਧਰਾਂ  ਦੇ  ਬੀਜ
                                  ਜ਼ਹਿਰੀ ਰੁੱਤ ਕੀ ਕਰ ਗਈ ਖੌਰੇ, ਉੱਗ  ਪਈ  ਸਲਫਾਸ

                                  ਮਾਂ  ਹੀ  ਵਾਪਸ  ਆ ਜਾਵੇ  ਬਸ  ਕੀ  ਕਰਨੀ  ਐ ਚੋਗ
                                  ਵਹਿਸ਼ੀ  ਰੁੱਤ  ਚ  ਕੀਤੀ   ਕੰਬਦੇ  ਬੋਟਾਂ  ਨੇ  ਅਰਦਾਸ

                                  ਜਿੰਦਗੀ  ਦੀ  ਸਰਦੀ   ਨੇ  ਐਨਾ  ਦਿੱਤਾ  ਪਿੰਡਾ   ਠਾਰ
                                  ਹੁਣ ਸਿਵਿਆਂ  ਦੀ  ਅੱਗ  ਨੇ  ਵੀ ਨਾ ਦੇਣਾ ਕੋਈ ਨਿਘਾਸ

                                  ਪਾਣੀ  ਵਾਂਗ  ਪਵਿੱਤਰ ਸੀ  ਉਹ ਜਦ  ਸੀ  ਬੰਦਾ  ਆਮ
                                  ਹੁੰਦੀ ਹੀ ਗਈ ਕੂੜ-ਮਿਲਾਵਟ ਜਿਉਂ-ਜਿਉਂ ਹੋਇਆ ਖਾਸ

Saturday, September 3, 2011


                                                 ਜੇ ਤੂੰ ਬੱਦਲ ਹੈਂ

                                     ਜੇ ਤੂੰ ਬੱਦਲ  ਹੈਂ  ਤਾਂ  ਕਿਉਂ ਟਲਦਾ ਰਿਹਾ।
                                     ਸ਼ਹਿਰ ਤਾਂ ਦਿਨ ਰਾਤ  ਹੀ  ਬਲਦਾ  ਰਿਹਾ।

                                     ਖੋਲ੍ਹ  ਗਿਆ  ਹੈ  ਅੱਖਾਂ  ਉਹ  ਡੰਗ ਮਾਰ ਕੇ,
                                     ਆਪਣੀ   ਬੁੱਕਲ  ਚ   ਜੋ   ਪਲਦਾ   ਰਿਹਾ।

                                     ਸਭ ਘਰਾਂ  ਨੂੰ  ਹੀ  ਉਹ  ਖੰਡਰ  ਕਰ  ਗਏ,
                                     ਪਰ   ਚਾਰਾਗਰ  ਹੱਥ  ਹੀ  ਮਲਦਾ  ਰਿਹਾ।

                                     ਵਾਦੀਆਂ  ਵਿੱਚ  ਉਹ  ਰਿਹਾ  ਸਾਰੀ  ਉਮਰ,
                                     ਜੇਬ   ਵਿਚ  ਭਾਵੇਂ  ਪਤਾ  ਥਲ  ਦਾ  ਰਿਹਾ।

                                     ਡੋਲ੍ਹ   ਕੇ    ਹੰਝੂ    ਖ਼ਤਾਂ   ਵਿਚ    ਆਪਣੇ,
                                     ਬਿਨ ਪਤਾ ਲਿਖਿਆਂ ਹੀ ਉਹ ਘਲਦਾ ਰਿਹਾ।

                                     ਬੁਝ  ਗਿਆ   ਸੂਰਜ  ਹੋਈ  ਜਦ  ਸ਼ਾਮ  ਤਾਂ,
                                     ਦਿਲ ਮੇਰਾ ਪਰ ਰਾਤ  ਭਰ  ਜਲਦਾ  ਰਿਹਾ।

                                     ਜੇ   ਨਹੀਂ   ਮੰਜ਼ਲ   ਮਿਲੀ   ਤਾਂ  ਫੇਰ  ਕੀ,
                                     ਦਮ  ਲਏ  ਬਿਨ  ਮੈਂ  ਸਦਾ  ਚਲਦਾ  ਰਿਹਾ।

Sunday, June 5, 2011

             
                             ਤੇਰੇ ਮੱਥੇ `ਚ ਚਾਨਣ ਹੈ


                      
                            ਜੜਾਂ  ਮਿੱਟੀ  ਚ  ਹੀ ਰੱਖੀਂ, ਚੁਗਿਰਦੇ ਨਾਲ ਵਾਹ ਰੱਖੀਂ।

                            ਬੜੇ  ਤੂਫ਼ਾਨ   ਝੁੱਲਣਗੇ,   ਡਰੀਂ  ਨਾ,   ਹੌਂਸਲਾ   ਰੱਖੀਂ।

                            ਜੇ  ਅੱਖਾਂ ਹੋਣ  ਵੱਧ ਨੇੜੇ  ਤਾਂ ਅੱਖਰ  ਨਈਂ  ਪੜ੍ਹੇ ਜਾਂਦੇ,
                            ਮਿਲੇ  ਜੇ  ਅਜਨਬੀ   ਕੋਈ  ਤਾਂ   ਥੋੜ੍ਹਾ  ਫਾਸਲਾ  ਰੱਖੀਂ।

                            ਵਗੇ ਲੂ, ਬਲ਼ ਰਿਹਾ ਅੰਬਰ, ਨਾ ਬਲ਼ ਜਾਵਣ ਕਿਤੇ ਪੰਛੀ,
                            ਨਮੀ  ਅੱਖ ਦੀ ਨਹੀਂ  ਕਾਫੀ,  ਘਟਾਵਾਂ  ਦਾ  ਪਤਾ ਰੱਖੀਂ।

                            ਅਲੋਚਕ ਰਿਸ਼ਤਿਆਂ ਦਾ ਬਣ ਕੇ ਖ਼ੁਦ ਤੋਂ ਵਿੱਛੜ ਜਾਵੇਂਗਾ,
                            ਬਦੀ  ਕੀਤੀ ਮਹਿਰਮਾਂ  ਨੇ ਜੇ, ਬਹੁਤਾ  ਯਾਦ  ਨਾ ਰੱਖੀਂ।

                            ਦਵਾ ਦੀ ਆੜ ਵਿੱਚ  ਜੋ ਜ਼ਖ਼ਮ  ਉੱਤੇ  ਲੂਣ ਮਲ਼  ਦਿੰਦੇ,
                            ਇਨ੍ਹਾਂ ਦੋ  ਚਿਹਰਿਆਂ  ਵਾਲ਼ੇ  ਹਕੀਮਾਂ  ਤੋਂ ਬਚਾਅ  ਰੱਖੀਂ।

                            ਵਹਾਅ  ਨੂੰ  ਬਦਲ  ਦੇਵੇਂਗਾ  ਜਦੋਂ ਤੂੰ  ਕਾਫ਼ਲਾ  ਬਣਿਆ,
                            ਇਰਾਦਾ   ਪਰਬਤਾਂ   ਜਿੱਡਾ,  ਲਹੂ   ਨੂੰ  ਖੌਲਦਾ  ਰੱਖੀਂ।

                            ਤੇਰੇ  ਮੱਥੇ   ਚ  ਚਾਨਣ  ਹੈ  ਝੁਕੀਂ  ਨਾ  ਨੇਰ੍ਹਿਆਂ  ਅੱਗੇ,
                            ਮਿਲੇ  ਜੇ  ਮੋਹ, ਵਫ਼ਾ, ਆਦਰ, ਸਦਾ ਨੀਵੀਂ ਨਿਗ੍ਹਾ ਰੱਖੀਂ।



ਕਲ੍ਹ ਜਿਨ੍ਹਾਂ ਨੂੰ


                                         ਕਲ੍ਹ ਜਿਨ੍ਹਾਂ ਨੂੰ ਰੋਟੀ ਨਾ  ਬਸਤਰ ਮਿਲੇ
                                         ਅੱਜ ਉਨ੍ਹਾਂ ਦੇ  ਹੱਥਾਂ ਚੋਂ ਸ਼ਸਤਰ ਮਿਲੇ

                                         ਲਾਜ਼ਮੀ  ਉਸ   ਵਿੱਚੋਂ  ਦੁੱਲਾ  ਜਨਮਦੈ,
                                         ਜਿਹੜੀ ਜੂਹ ਨੂੰ ਰੌਂਦ ਕੇ ਅਕਬਰ ਮਿਲੇ

                                         ਆਏ ਸੀ ਲੱਖ ਵਾਰ ਅਸੀਂ ਮਰਹਮ ਲਈ,
                                         ਪਰ ਤੇਰੇ ਦਰ ਤੋਂ  ਸਦਾ  ਨਸ਼ਤਰ ਮਿਲੇ

                                         ਬਿਖੜਾ  ਪੈਂਡਾ  ਪਰ  ਅਸਾਂ ਰੁਕਣਾ  ਨਹੀਂ,
                                         ਰਾਹਾਂ ਵਿਚ ਨਦੀਆਂ ਨੂੰ ਕਦ ਸਾਗਰ ਮਿਲੇ

                                         ਮੁਰਦਿਆਂ  ਦੇ ਉੱਤੋਂ  ਕੱਫਣ ਲਾਹ  ਦਿਓ,
                                         ਜਿਉਦਿਆਂ ਤਾਈਂ ਤਾਂ ਇਕ ਚਾਦਰ ਮਿਲੇ

                                         ਉਹ  ਉਦਾਸੀ  ਤੇ  ਤੁਰੇ   ਏਹ  ਸੋਚ  ਕੇ,
                                         ਕਿਸ ਦਿਸ਼ਾ ਜਾਈਏ ਕਿ ਨਾ ਬਾਬਰ ਮਿਲੇ

                                         ਰੌਸ਼ਨੀ  ਜਦ  ਸੂਹੀ  ਰਾਹੋਂ ਭਟਕ  ਗਈ,
                                         ਵਕਤ ਦੇ ਰਹਿਬਰ ਬਣੇ ਹਿਟਲਰ ਮਿਲੇ

                                         ਪੈਰਾਂ  ਵਿਚ  ਪਗੜੀ  ਕਿਸੇ  ਦੀ  ਰੋਲ਼ਕੇ,
                                         ਸੀਸ  ਤੇਰੇ   ਨੂੰ  ਕਿਵੇਂ   ਆਦਰ   ਮਿਲੇ?

Saturday, March 26, 2011



                                              ਗਏ ਨੇ ਬੀਤ ਮੌਸਮ

                                      ਗਏ   ਨੇ   ਬੀਤ  ਮੌਸਮ   ਝਾਂਜਰਾਂ  ਦੇ
                                     ਸਿਰਾਂ   ਤੇ  ਰਹਿਣ   ਸਾਏ  ਖੰਜਰਾਂ  ਦੇ

                                     ਤੁਰੇ ਖ਼ੁਦ ਹੀ ਨਹੀਂ  ਉਹ  ਮੰਜ਼ਲਾਂ  ਵੱਲ,
                                     ਬਹਾਨੇ   ਲੌਣ   ਔਖੇ    ਰਸਤਿਆਂ   ਦੇ

                                     ਮਨਾਂ ਵਿੱਚ  ਵਿਛ  ਗਏ  ਬੇਅੰਤ ਵਾਹਗੇ,
                                     ਧੜੇ ਹੁਣ  ਬਣ   ਗਏ  ਸੱਥਾਂ  ਘਰਾਂ  ਦੇ

                                     ਪਸ਼ੂਪਣ   ਆਦਮੀ   ਦਾ  ਦੇਖਿਆ   ਜੋ,
                                     ਗਿਆ   ਪਾ  ਮਾਤ  ਕਿੱਸੇ  ਭੇੜੀਆਂ  ਦੇ

                                     ਖਿੜੇ ਫੁੱਲ, ਹਸਦੇ ਬੱਚੇ, ਮਹਿਕਦੀਵਾ,
                                     ਪਏ   ਹੁਣ   ਕਾਲ਼   ਐਸੇ   ਮੰਜ਼ਰਾਂ  ਦੇ

                                     ਹਵਾਵਾਂ  ਨਾਲ  ਦੋ  ਹੱਥ  ਕਰਨਗੇ ਹੁਣ,
                                     ਸਬਰ ਦੇ ਟੁੱਟ ਗਏ  ਬੰਨ੍ਹ  ਦੀਵਿਆਂ ਦੇ

                                     ਮਿਲੇ ਜਿੱਥੋਂ ਵੀ  ਬੁਰਕੀ  ਲਿਫਣ  ਲੱਗੇਂ,
                                     ਮੈਂ  ਜਾਵਾਂ  ਸਦਕੇ  ਤੇਰੇ  ਸਿਜਦਿਆਂ ਦੇ


Sunday, February 6, 2011

ਪੰਜਾਬ ਦਾ ਸਿਆਸੀ ਮਾਹੌਲ ਅਤੇ ਲੋਕ

ਪੰਜਾਬੀ ਟ੍ਰਿਬਿਊਨ

5 ਫਰਵਰੀ 2011 -ਕੁਲਵਿੰਦਰ ਬੱਛੋਆਣਾ

ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਮਾਹੌਲ ਦਾ ਮਘਣਾ ਆਮ ਗੱਲ ਹੈ। ਇਹ ਬਰਸਾਤੀ ਡੱਡੂਆਂ ਦੇ ‘ਏ.ਸੀ. ਖੱਡਾਂ’ ਵਿਚੋਂ ਬਾਹਰ ਨਿਕਲ ਕੇ ‘ਧਰਤੀ’ ‘ਤੇ ਆਉਣ ਦਾ ਸਮਾਂ ਹੁੰਦਾ ਹੈ। ਇਸ ਵਾਰ ਵੱਖਰੀ ਗੱਲ ਇਹ ਹੋ ਰਹੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਲਗਪਗ 13 ਮਹੀਨੇ ਪਹਿਲਾਂ ਸਿਆਸੀ ਦ੍ਰਿਸ਼ ਤੇਜ਼ੀ ਨਾਲ ਰੰਗ ਬਦਲਣ ਲੱਗਿਆ ਹੈ। ਇਹ ਕੁਝ ਨਾ ਕੁਝ ਬਦਲਾਅ ਦਾ ਸੂਚਕ ਹੈ। ਇਸ ਬਦਲਾਅ ਦੀ ਦਿਸ਼ਾ ਚੋਣਾਂ ਹੀ ਤੈਅ ਕਰਨਗੀਆਂ।

ਸੱਤਾਧਾਰੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਉਣ ਦਾ ਰੁਝਾਨ ਅਜੇ ਪੰਜਾਬ ਵਿਚ ਨਹੀਂ ਹੈ। ਭਾਰਤ ਦੇ ਹੋਰਨਾਂ ਰਾਜਾਂ ਵਿਚ ਵੀ ਅਜਿਹਾ ਘੱਟ ਹੀ ਵਾਪਰਦਾ ਹੈ। ਗੁਆਂਢੀ ਰਾਜ ਹਰਿਆਣਾ ਨੇ ਆਪਣਾ ਚੋਣ ਇਤਿਹਾਸ ਬਦਲ ਦਿੱਤਾ ਹੈ। ਹੁਣ ਬਿਹਾਰ ਵਿਚ ਵੀ ਅਜਿਹਾ ਹੀ ਵਾਪਰਿਆ ਹੈ। ਇਸ ਨਾਲ ਪੰਜਾਬ ਕਾਂਗਰਸ ਤਾਂ ਅੰਦਰੋ ਅੰਦਰੀ ਡਰ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਨ ਵਿਚ ਜ਼ਰੂਰ ਲੱਡੂ ਫੁੱਟਣ ਲੱਗੇ ਹਨ। ਅਕਾਲੀ ਦਲ ਨੇ ਸੱਤਾ ਦੇ ਇਤਿਹਾਸ ਨੂੰ ਬਦਲਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਦਘਾਟਨਾਂ ਦੀ ਹਨੇਰੀ ਆਈ ਪਈ ਹੈ। ਅਖਬਾਰਾਂ ਵਿਚ ਸਰਕਾਰ ਦੇ ‘ਵਿਕਾਸ ਕਾਰਜਾਂ’ ਦੇ ਇਸ਼ਤਿਹਾਰ ਨਿੱਤ ਦਿਹਾੜੇ ਛਪ ਰਹੇ ਹਨ। ਚੋਣਾਂ ਵਿਕਾਸ ਦੇ ਨਾਂ ‘ਤੇ ਲੜਨ ਦੇ ਐਲਾਨ ਕੀਤੇ ਜਾ ਰਹੇ ਹਨ। ‘ਪਾਰਟੀ ਵਿਰੋਧੀਆਂ’ ‘ਤੇ ਸਖ਼ਤ ‘ਅਨੁਸ਼ਾਸਨ’ ਲਾਗੂ ਹੈ। ਪਾਰਟੀ ਮਨਪ੍ਰੀਤ ਸਿੰਘ ਬਾਦਲ ਨੂੰ ਕੱਢਣ ਤੋਂ ਬਾਅਦ ਪੈਦਾ ਹੋਏ ਖਲਾਅ ਨੂੰ ਭਰਨ ਲਈ ਵੀ ਯਤਨ ਕਰ ਰਹੀ ਹੈ। ਸੁਖਬੀਰ ਬਾਦਲ ਲਈ ਆਉਣ ਵਾਲੀਆਂ ਚੋਣਾਂ ‘ਇਮਤਿਹਾਨ ਦੀ ਘੜੀ’ ਹਨ।

ਸਾਢੇ ਤਿੰਨ ਸਾਲਾਂ ਦੀ ਨੀਂਦ ਪੂਰੀ ਕਰਨ ਤੋਂ ਬਾਅਦ ਵਿਰੋਧੀ ਧਿਰ ਦੀ ‘ਜਾਗ ਖੁੱਲ੍ਹੀ’ ਹੈ। ਕੈਪਟਨ ਸਾਹਿਬ ਹੁਣ ਤਿਮਾਹੀ-ਛਿਮਾਹੀ ਦੀ ਥਾਂ ਹਫਤਾਵਰੀ ਬਿਆਨ ‘ਦਾਗਣ’ ਲੱਗੇ ਹਨ। ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਗੀ ਸੁਰਾਂ ਫੇਰ ‘ਰੰਗ ਵਿਚ ਭੰਗ’ ਪਾ ਦਿੰਦੀਆਂ ਹਨ। ਕਾਂਗਰਸ ਕੋਲ ਵੀ ਲੋਕ-ਹਿੱਤਾਂ ਵਾਲਾ ਕੋਈ ਨਵਾਂ ਪ੍ਰੋਗਰਾਮ ਨਹੀਂ। ਨਾ ਹੀ ਕੋਈ ਚੋਣ ਮੁੱਦਾ ਹੈ। ਇਹ ਸਿਰਫ ‘ਉੱਤਰ ਕਾਟੋ ਮੈਂ ਚੜ੍ਹਾਂ’ ਵਾਂਗ ਆਪਣੀ ‘ਵਾਰੀ’ ਦੀ ਉਡੀਕ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ‘ਨਿਧੜਕ’ ਹੋਣ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਹ ਤੀਜੇ ਬਦਲ ਦੀ ਸੰਭਾਵਨਾ ਨੂੰ ਵੀ ਮੁੱਢੋਂ ਨਕਾਰ ਚੁੱਕੇ ਹਨ। ਨਕਾਰਨ ਵੀ ਕਿਉਂ ਨਾ, ਅਜਿਹਾ ਬਦਲ ਸਥਾਪਿਤ ਪਾਰਟੀਆਂ ਲਈ ਤਾਂ ਅਸ਼ੁੱਭ ਹੀ ਹੋਵੇਗਾ।

ਤੀਜੀ ਧਿਰ ਦੀ ਉਡੀਕ ਦਹਾਕਿਆਂ ਤੋਂ ਹੈ। ਜੋ ਅਜੇ ਤੱਕ ਉਡੀਕ ਹੀ ਬਣੀ ਹੋਈ ਹੈ। ਸੱਤਾਧਾਰੀ ਅਕਾਲੀ ਦਲ ਤੋਂ ਬਿਨਾਂ ਬਾਕੀ ਅਕਾਲੀ ਦਲਾਂ ਨੂੰ ਲੋਕ ‘ਮੂੰਹੋਂ ਲਾਹ’ ਚੁੱਕੇ ਹਨ। ਖੱਬੀਆਂ ਪਾਰਟੀਆਂ ਦਾ ਅਧਾਰ ਲਗਪਗ ਖਤਮ ਹੋ ਚੁੱਕਿਆ ਹੈ। ਇਨਕਲਾਬੀ ਖੱਬੇ-ਪੱਖੀ ਅਜੇ ਲੋਕ ਲਹਿਰ ਬਣਾਉਣ ਵਿਚ ਸਫਲ ਨਹੀਂ ਹੋਏ। ਬਲਵੰਤ ਸਿੰਘ ਰਾਮੂਵਾਲੀਆ ਦੀ ਪਾਰਟੀ ਦੇ ਏਜੰਡੇ ‘ਤੇ ਸ਼ਾਇਦ ਵਿਦੇਸ਼ਾਂ ਵਿਚ ਧੱਕੇਸ਼ਾਹੀ ਦਾ ਸ਼ਿਕਾਰ ਹੁੰਦੇ ਪੰਜਾਬੀ ਹੀ ਹਨ। ਹਾਂ, ਸੁਰਜੀਤ ਸਿੰਘ ਬਰਨਾਲਾ ਦੀ ਰਾਜਨੀਤੀ ਵਿਚ ਵਾਪਸ ਆਉਣ ਦੀ ਖ਼ਬਰ ਤੀਜੇ ਬਦਲ ਲਈ ਸ਼ੁਭ ਸੰਕੇਤ ਹੈ। ਮਨਪ੍ਰੀਤ ਸਿੰਘ ਬਾਦਲ ਇਸ ਦਾ ਅਧਾਰ ਤਿਆਰ ਕਰ ਸਕਦੇ ਹਨ। ਸਥਾਪਤ ਧਿਰਾਂ ਦੇ ਆਗੂਆਂ ਵਾਂਗ ਉਭਰਨ ਲਈ ਉਨ੍ਹਾਂ ਨੂੰ ਕਰੜੀ ਮਿਹਨਤ ਕਰਨੀ ਪੈਣੀ ਹੈ। ਉਨ੍ਹਾਂ ਦਾ ਸਾਫ-ਸੁਥਰਾ ਅਕਸ ਜਾਗਰਿਤ ਵੋਟਰ ‘ਤੇ ਲਾਜ਼ਮੀ ਅਸਰ ਪਾਵੇਗਾ।

ਚੌਥੀ ਧਿਰ ਲੋਕ ਹਨ, ਜੋ ਹਰ ਵਾਰ ਦੀਆਂ ਚੋਣਾਂ ਵਿਚ ਹਾਰ ਜਾਂਦੇ ਹਨ। ਇਤਿਹਾਸ ਤੋਂ ਕੋਈ ਸਬਕ ਨਾ ਸਿੱਖਦੇ ਹੋਏ ਉਹ ਇਸ ਵਾਰ ਦੀਆਂ ਚੋਣਾਂ ਵਿਚ ਵੀ ਆਪਣੀ ਕਿਸਮਤ ਬਦਲਣ ਦਾ ਭਰਮ ਪਾਲੀ ਬੈਠੇ ਹਨ। ਕੁਝ ਤੀਜੇ ਬਦਲ ਦੀ ਉਡੀਕ ਵਿਚ ਬੁੱਢੇ ਹੋਣ ਵਾਲੇ ਹਨ। ਉਂਝ ਜੇ ਕੋਈ ਤੀਜਾ ਬਦਲ ਆ ਵੀ ਜਾਵੇ, ਤਾਂ ਵੀ ਕੋਈ ‘ਧਮਾਕਾ’ ਨਹੀਂ ਹੋਣ ਲੱਗਿਆ। ਫਿਰ ਸ਼ਾਇਦ ਲੋਕ ‘ਚੌਥੇ ਬਦਲ’ ਦੀ ਉਡੀਕ ਕਰਨਗੇ। ਹਾਂ, ਮਨਪ੍ਰੀਤ ਬਾਦਲ ਦੇ ‘ਨਵੇਂ ਬਦਲ’ ਸਬੰਧੀ ਜ਼ਰੂਰ ਗੱਲ ਕਰਨੀ ਬਣਦੀ ਹੈ। ਕੁਝ ਬੁੱਧੀਜੀਵੀ ਅਤੇ ‘ਲੇਖਕ’ ਮਨਪ੍ਰੀਤ ਬਾਦਲ ਦੀ ਸੰਭਾਵੀ ਚੋਣ ਸਫਲਤਾ ਨੂੰ ‘ਇਨਕਲਾਬ’ ਸਮਝ ਬੈਠੇ ਹਨ। ਹੋ ਸਕਦਾ ਹੈ ਉਹ ਉਨ੍ਹਾਂ ਦੀ ਖੱਬੇ-ਪੱਖੀ ਨੁਮਾ ਸ਼ਬਦਾਵਲੀ ਸੁਣ ਕੇ ਚੱਕਰ ਖਾ ਗਏ ਹੋਣ। ਉਂਝ ਉਹ ਆਪਣੇ ਪੱਖ ਵਿਚ ਮਨਪ੍ਰੀਤ ਬਾਦਲ ਦੇ ਸੂਝਵਾਨ, ਇਮਾਨਦਾਰ ਅਤੇ ‘ਤਿਆਗੀ’ ਹੋਣ ਦਾ ਤਰਕ ਦਿੰਦੇ ਹਨ। ਉਹ ਸਮੱਸਿਆ ਦੀ ਜੜ੍ਹ ਲੱਭਣ ਵਿਚ ਨਾਕਾਮ ਹਨ। ਇਕ ਇਮਾਨਦਾਰ ਆਗੂ ਮੌਜੂਦਾ ਢਾਂਚੇ ਵਿਚ ਮਾਮੂਲੀ ਸੁਧਾਰਾਂ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਤੇ ਕਈ ਵਾਰ ਤਾਂ ਉਹ ਵੀ ਨਹੀਂ ਹੋ ਪਾਉਂਦੇ। ਸ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਲੋਕਾਂ ਨੂੰ ਬੜੀਆਂ ਆਸਾਂ ਸਨ ਪਰ ਹੋਇਆ ਇਸ ਦੇ ਉਲਟ। ਦੇਸ਼ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ। ਬਰਾਕ ਉਬਾਮਾ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਸੰਸਾਰ ਦੇ ਬੁੱਧੀਜੀਵੀਆਂ ਨੂੰ ਉਨ੍ਹਾਂ ਤੋਂ ਬੜੀਆਂ ਉਮੀਦਾਂ ਸਨ, ਜੋ ਇਕ-ਇਕ ਕਰਕੇ ਟੁੱਟ ਰਹੀਆਂ ਹਨ। ਬੁਨਿਆਦੀ ਹਾਲਾਤ ਨਾ ਭਾਰਤ ਦੇ ਬਦਲੇ ਹਨ, ਨਾ ਅਮਰੀਕਾ ਅਤੇ ਉਸ ਦੇ ਗ਼ਲਬੇ ਹੇਠਲੇ ਸੰਸਾਰ ਦੇ। ਫਿਰ ਪੰਜਾਬ ਸਬੰਧੀ ਕੀ ਆਸ ਲਾਈ ਜਾ ਸਕਦੀ ਹੈ?

ਚੋਣਾਂ ਸਿਰਫ ਲੋਕਾਂ ਦਾ ਗੁੱਸਾ ਕੱਢਣ ਦਾ ਸਾਧਨ ਬਣ ਕੇ ਰਹਿ ਗਈਆਂ ਹਨ। ਨੀਤੀਆਂ ਅਤੇ ਕੂਟਨੀਤੀਆਂ ਉਹੀ ਰਹਿੰਦੀਆਂ ਹਨ। ਲੋਕ ਕਾਰੀਗਰ ਬਦਲ ਦਿੰਦੇ ਹਨ, ਪਰ ਮਸ਼ੀਨ ਉਹੀ ਰਹਿੰਦੀ ਹੈ। ਇੱਥੇ ਹੀ ਸਮੱਸਿਆ ਦੀ ਜੜ੍ਹ ਹੈ। ਲੋੜ ਮੌਜੂਦਾ ਪੂੰਜੀਵਾਦੀ ਢਾਂਚੇ ਦੀ ਥਾਂ ਇਕ ਲੋਕ ਪੱਖੀ ਰਾਜ ਪ੍ਰਬੰਧ ਉਸਾਰਨ ਦੀ ਹੈ, ਜੋ ਲੋਕ ਲਹਿਰਾਂ ਤੋਂ ਬਿਨਾਂ ਸੰਭਵ ਨਹੀਂ। ਚਿਹਰਿਆਂ ਦੇ ਬਦਲਣ ਨਾਲ ਤਾਜ-ਤਖ਼ਤ ਦੀ ਮਨਸ਼ਾ ਨਹੀਂ ਬਦਲਣ ਲੱਗੀ। ਸਿਆਸੀ ਆਗੂਆਂ ਨੂੰ ਬਦਲ-ਬਦਲ ਕੇ ‘ਕੁਰਸੀ’ ‘ਤੇ ਬਿਠਾਉਣ ਦੇ ਤਜਰਬੇ ਕਰਨੇ ਹੁਣ ਛੱਡ ਦੇਣੇ ਚਾਹੀਦੇ ਹਨ।

Tuesday, November 30, 2010



                                                       ਬਰਸਿਆ ਏ ਮੀਂਹ


                                     ਬਰਸਿਆ  ਏ  ਮੀਂਹ  ਰੰਗੀਲੇ ਕਾਗਜ਼ਾਂ  ਦੀ  ਜ਼ਹਿਰ  ਦਾ।
                                     ਵਿੱਚੋ  ਵਿੱਚੀ  ਮਰ  ਗਿਆ ਹਰ  ਬੰਦਾ  ਮੇਰੇ  ਸ਼ਹਿਰ  ਦਾ।

                                     ਪਿਆਸ   ਮੇਰੀ   ਦੇਖ   ਕੇ  ਉਹ   ਝੀਲ  ਰੇਤਾ  ਹੋ   ਗਈ,
                                     ਤੁਰ   ਪਿਆ   ਹੋ   ਨਿੰਮੋਝੂ੍ਣਾ   ਕੀ  ਮੈਂ  ਉੱਥੇ   ਠਹਿਰਦਾ।

                                     ਪੈਰ   ਭਿੱਜਣ   ਦੇ   ਡਰੋਂ   ਸਾਗਰ  ਦੇ   ਨੇੜੇ   ਜਾਣ   ਨਾ,
                                     ਦੂਰ  ਤੋਂ  ਖੜ੍ਹ ਕੇ  ਹੀ  ਉਹ  ਤਕਦੇ  ਨਜ਼ਾਰਾ  ਲਹਿਰ  ਦਾ।

                                     ਮੂੰਹ  ਹਨੇਰੇ  ਆਈਆਂ   ਸੀ ਪੁਲ਼   ਉੱਤੇ  ਖਾਕੀ  ਵਰਦੀਆਂ,
                                     ਚੀਕ   ਸੁਣ   ਮਾਸੂਮ  ਦੀ  ਕੰਬਿਆ   ਸੀ  ਪਾਣੀ ਨਹਿਰ ਦਾ।

                                     ਭੋਗ  ਕੇ  ਅਪਣੀ   ਉਮਰ  ਪੀਲ਼ਾ  ਜੋ   ਪੱਤਾ   ਹੋ   ਗਿਆ,
                                     ਕਿੰਨੀ  ਵੀ   ਕੋਸ਼ਸ਼  ਕਰੋ   ਇਹ  ਘੜੀ ਜਾਂ  ਪਹਿਰ   ਦਾ।

                                     ਦਿਲ  ਤੇ  ਘਰ  ਨੂੰ  ਰੱਖ  ਸੁੱਚੇ,  ਸਾਫ  ਤੇ  ਅਪਣੱਤ  ਭਰੇ,
                                     ਕੂੜ ਜੇ ਅੰਦਰ  ਹੈ  ਤਾਂ   ਕੋਈ ਨਾ  ਆ  ਕੇ   ਠਹਿਰਦਾ।